Friday, April 3, 2009

DHAN DHAN BABA NAND SINGH JI MAHARAJ (ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ)

ਜੀਵਨ ਬਾਬਾ ਨੰਦ ਸਿੰਘ ਜੀ ਮਹਾਰਾਜ

ਬਾਬਾ ਨੰਦ ਸਿੰਘ ਜੀ ਮਹਾਰਾਜ ਨੇ 1870 ਈ. ਨੂੰ ਕੱਤਕ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ ਜਗਰਾਉਂ ਤੋਂ ਪੰਜ ਕਿਲੋਮੀਟਰ ਦੂਰ ਨਗਰ ਸ਼ੇਰਪੁਰ ਕਲਾਂ ਵਿਖੇ ਰਾਮਗੜ੍ਹੀਆ ਘਰਾਣੇ ਵਿਚ ਅਵਤਾਰ ਧਾਰਿਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਅਤੇ ਮਾਤਾ ਜੀ ਦਾ ਨਾਮ ਸਦਾ ਕੌਰ ਸੀ। ਬਾਬਾ ਜੀ ਦੇ ਅਵਤਾਰ ਤੋਂ ਥੋੜ੍ਹੇ ਮਹੀਨੇ ਬਾਅਦ ਹੀ ਮਾਤਾ ਜੀ ਅਕਾਲ ਚਲਾਣਾ ਕਰ ਗਏ।ਆਪ ਜੀ ਦੇ ਵੱਡੇ ਭਾਈ ਸ. ਭਗਤ ਸਿੰਘ ਜੋ ਕੁਝ ਪੜ੍ਹੇ ਹੋਏ ਸਨ ਆਪ ਜੀ ਨੂੰ ਸੂਰਜ ਪ੍ਰਕਾਸ਼ ਦੀ ਕਥਾ ਸੁਣਾਉਂਦੇ ਰਹਿੰਦੇ ਸਨ। ਇਥੋਂ ਬਾਬਾ ਜੀ ਨੂੰ ਆਤਮਿਕ ਲਗਨ ਲਗ ਗਈ।ਇਹਨਾਂ ਦੀ ਬਿਰਤੀ ਛੋਟੇ ਹੁਦਿਆਂ ਹੀ ਇੰਨੀ ਸਾਧੂ ਸੁਭਾਅ ਵਾਲੀ ਸੀ ਕਿ ਇਹਨਾਂ ਦੇ ਨਾਲ ਖੇਡਣ ਵਾਲੇ ਸਾਥੀ ਆਪ ਜੀ ਨੂੰ ਛੋਟੀ ਅਵਸਥਾ ਵਿਚ ਹੀ “ਬਾਬਾ” ਜੀ ਕਹਿਣ ਲੱਗ ਗਏ ਸੀ।

14 ਸਾਲ ਦੀ ਉਮਰ ਵਿਚ ਹੀ ਆਪਣੇ ਸਭ ਤੋਂ ਵੱਡੇ ਭਾਈ ਸਾਹਿਬ ਜੀ ਦੇ ਨਾਲ ਪਿਤਾ ਪੁਰਖੀ ਕਿਰਤ ਕਰਨ ਲੱਗ ਪਏ।ਕਿਰਤ ਪੂਰੀ ਇਮਾਨਦਾਰੀ ਨਾਲ ਕਰਦੇ ਸਨ ਜਿੰਨੀ ਮਜ਼ਦੂਰੀ ਮਿਲਦੀ ਉਸ ਤੋਂ ਦੁਗਣਾ ਕੰਮ ਕਰਦੇ ਸਨ।ਜਿੰਨੀ ਰਕਮ ਮਿਲਦੀ ਉਹ ਸਾਧੂਆਂ ਦੀ ਸੇਵਾ ਵਿਚ ਖਰਚ ਕਰ ਦਿੰਦੇ ਸਨ।ਇਕ ਵਾਰ ਦੀ ਗੱਲ ਹੈ ਕਿ ਆਪ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰ ਰਹੇ ਸਨ, ਕਿ ਇਕ ਫਕੀਰ ਆਇਆ ਜਿਸਦੇ ਚਿਹਰੇ ਤੇ ਕਾਫੀ ਜਲਾਲ ਸੀ।ਫਕੀਰ ਨੇ ਆ ਕੇ ਸਦ ਕੀਤੀ, ਘਰ ਵਾਲੇ ਘਰ ਨਹੀਂ ਸਨ। ਦੂਜੀ ਵਾਰ ਫਕੀਰ ਨੇ ਭਿਛਿਆ ਮੰਗੀ।ਇਸ ਅਵਾਜ ਨੂੰ ਸੁਣ ਕੇ ਬਾਬਾ ਜੀ ਦੇ ਮਨ ਵਿਚ ਰਹਿਮ ਆ ਗਿਆ।ਘਰ ਵਾਲਿਆਂ ਨੇ ਮੱਕੀ ਮੰਜੀ ਤੇ ਸੁੱਕਣ ਵਾਸਤੇ ਖਿਲਾਰੀ ਹੋਈ ਸੀ।ਹਜ਼ੂਰ ਨੇ ਮੱਕੀ ਦਾ ਚੰਗਾ ਬੁੱਕ ਭਰ ਕੇ ਫਕੀਰ ਦੇ ਕਾਸੇ ਵਿਚ ਪਾਇਆ। ਫਕੀਰ ਦਾ ਕਾਸਾ ਭਰ ਗਿਆ ਤੇ ਫਕੀਰ ਬੋਲਿਆ ਮਿਸਤਰੀ ਜੀ ਇਹ ਤੁਹਾਡੀ ਆਪਣੀ ਕਮਾਈ ਨਹੀਂ ਸੀ। ਆਪਣੀ ਕਮਾਈ ਹੁੰਦੀ ਤਾ ਇੰਨੀ ਬੁੱਕ ਭਰ ਕੇ ਨਾ ਦਿੰਦੇ। ਇਹ ਕਹਿ ਕੇ ਫਕੀਰ ਤੁਰ ਗਿਆ ਅਤੇ ਬਾਬਾ ਜੀ ਦੇ ਅੰਦਰ ਇਤਨਾ ਅਸਰ ਹੋਇਆ ਤੇ ਰਹਿ ਨਾ ਸਕੇ, ਮਨ ਵਿਚ ਵਿਚਾਰ ਕੀਤੀ ਕਿ ਇਹ ਝੂਠੀ ਕਮਾਈ ਕੀ ਕਰਨੀ ਹੈ। ਕਮਾਈ ਉਹ ਕਰੀਏ ਜੋ ਸਾਰੇ ਸੰਸਾਰ ਵਿਚ ਵਰਤਾਈ ਜਾਵੇ।ਉਸੇ ਵੇਲੇ ਬਾਬਾ ਜੀ ਫਕੀਰ ਦੀ ਭਾਲ ਵਿਚ ਤੁਰ ਪਏ ਫਕੀਰ ਤਾਂ ਪਤਾ ਨਹੀਂ ਕਿਥੇ ਅਲੋਪ ਹੋ ਗਿਆ ਪਰ ਬਾਬਾ ਜੀ ਫਿਰ ਵਾਪਿਸ ਪਿੰਡ ਨਹੀਂ ਵੜੇ। ਘਰ ਛੱਡ ਕੇ ਜੰਗਲ ਨੂੰ ਚਲੇ ਗਏ।ਹੁਣ ਸੋਚਿਆ ਬਈ ਨਾਮ ਜਪਨਾ ਹੈ ਤੇ ਰੋਟੀ ਕਿਥੋਂ ਖਾਈਏ।ਬਹੁਤ ਸੋਚ ਕੇ ਇਹ ਫੈਸਲਾ ਕੀਤਾ ਕਿ ਦੁਨੀਆਂ ਵਿਚ ਬਥੇਰੇ ਮੰਗ ਕੇ ਗੁਜ਼ਾਰਾ ਕਰ ਲੈਂਦੇ ਹਨ। ਜੇ ਨਾਮ ਜਪਣ ਦੀ ਖਾਤਰ ਮੰਗ ਕੇ ਵੀ ਖਾ ਲਿਆ ਤਾਂ ਕੀ ਡਰ ਹੈ। ਇਸ ਵਿਚਾਰ ਅਨੁਸਾਰ ਇਕ ਪਿੰਡ ਵਿਚ ਚਲੇ ਗਏ। ਅੱਗੇ ਜੱਟੀ ਰੋਟੀਆਂ ਪਕਾ ਰਹੀ ਹੈ। ਬਾਬਾ ਜੀ ਨੇ ਬਿਨਾਂ ਕਿਸੇ ਅਵਾਜ਼ ਦੇਣ ਦੇ ਕਿਹਾ,ਮੈਂ ਰੋਟੀ ਖਾਣੀ ਹੈ।ਅੱਗੋਂ ਜੱਟੀ ਨੇ ਬੁਰਾ ਭਲਾ ਕਿਹਾ ਪਰ ਬਾਬਾ ਜੀ ਚੁਪ ਰਹੇ ਤਾਂ ਜੱਟ ਨੇ ਕਿਹਾ ਸੰਤਾਂ ਮਹਾਂਪੁਰਸ਼ਾਂ ਨੂੰ ਇੰਝ ਨਹੀ ਆਖੀਦਾ।ਜਿਹੜਾ ਮੰਗਣ ਹੀ ਆ ਗਿਆ:

“ਮੰਗਣ ਗਿਆ ਸੋ ਮਰ ਗਿਆ”

ਸੋ ਤੂੰ ਪਹਿਲੇ ਸਾਧੂ ਨੂੰ ਦੇ।ਪਰ ਬਾਬਾ ਜੀ ਤੁਰ ਪਏ। ਮਾਈ ਨੇ ਬਾਬਾ ਜੀ ਨੂੰ ਪਿਛੋਂ ਅਵਾਜ਼ ਮਾਰੀ ਪ੍ਰਸ਼ਾਦਾ ਲੈ ਜਾਉ ਹੁਣ। ਤਾਂ ਬਾਬਾ ਜੀ ਨੇ ਆਖਿਆ ਮੈਂ ਅਜੇ ਮਰਿਆ ਨਹੀਂ ਜਦੋਂ ਮਰਿਆ ਉਦੋਂ ਮੰਗਣ ਆਵਾਂਗਾ।ਬਾਬਾ ਜੀ ਨੇ ਵਿਚਾਰ ਬਣਾਇਆ ਕਿ ਹੁਣ ਮੰਗਣਾ ਨਹੀਂ ਕੰਮ ਕਰਕੇ ਭਾਵੇਂ ਖਾ ਲਈਏ।ਸੋ ਉਥੇ ਹੀ ਕਿਧਰੇ ਪਿੰਡ ਵਿਚ ਕੰਮ ਹੋ ਰਿਹਾ ਸੀ। ਬਾਬਾ ਜੀ ਨੇ ਜ਼ਿੰਮੇਵਾਰ ਨਾਲ ਗੱਲ ਕੀਤੀ, ਕਿ ਕਿਤੇ ਕੰਮ ਤੇ ਲਾ ਲਉ।ਉਨ੍ਹਾਂ ਆਖਿਆ ਹੁਣ ਤੇ ਦਿਨ ਚੋਖਾ ਚੜ੍ਹ ਆਇਆ ਹੈ। ਬਾਬਾ ਜੀ ਨੇ ਆਖਿਆ ਭਾਈ ਅਸੀਂ ਤੇ ਰੋਟੀ ਹੀ ਖਾਣੀ ਹੈ ਜਦੋਂ ਰੋਟੀ ਦੇ ਪੈਸੇ ਪੂਰੇ ਹੋ ਗਏ ਉਦੋਂ ਬਸ ਕਰ ਜਾਵਾਂਗੇ। ਬਾਬਾ ਜੀ ਉਥੇ ਕੰਮ ਤੇ ਲਗ ਗਏ। ਸਮਾਂ ਬੀਤ ਗਿਆਂ, ਤਾਂ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਅਤੇ ਕਹਿਣ ਲਗੇ ਇਹ ਵੀ ਠੀਕ ਨਹੀਂ ਹੈ। ਗਲ ਕੁਝ ਬਣੀ ਨਹੀਂ।ਇਤਨਾ ਸਮਾਂ ਰੋਟੀ ਵਾਸਤੇ ਖਰਾਬ ਕੀਤਾ ਤੇ ਨਾਮ ਕਿਸ ਵੇਲੇ ਜਪਣਾ ਹੈ।ਸੋਚ ਵਿਚਾਰ ਕੇ ਸਮਾਧੀ ਲਾ ਕੇ ਬੈਠ ਗਏ।ਮਨ ਵਿਚ ਧਾਰ ਲਈ ਬਈ ਜੇ ਰੋਟੀ ਆ ਜਾਵੇਗੀ ਤਾਂ ਛਕਣੀ ਹੈ, ਜੇ ਨਾ ਆਵੇ ਤਾਂ ਨਹੀਂ ਛਕਣੀ।

ਜੇ ਤੂੰ ਏਵੈਂ ਰਖਸੀ ਜੀਉ ਸਰੀਰਹੁ ਲੇਹਿ॥

ਨਾ ਮਜੂਰੀ ਕਰਨੀ ਹੈ ਨਾ ਮੰਗਣਾ ਹੈ ਕਿਉਂਕਿ ਸਿਖ ਤਾਂ ਦਾਤਾ ਹੈ। ਮੰਗਤਾ ਤਾਂ ਨਹੀਂ। ਉਸ ਦਿਨ ਤੋਂ ਮੰਗਣਾ ਬੰਦ ਕਰ ਦਿੱਤਾ ਅਤੇ ਸਮਾਧੀ ਲਾ ਕੇ ਬੈਠ ਗਏ।ਰੋਟੀ ਆਵੇਗੀ ਤਾਂ ਖਾ ਲਵਾਂਗੇ। ਪਰਸ਼ਾਦੇ ਦਾ ਟਾਈਮ ਹੋਇਆ ਪਰ ਰੋਟੀ ਕਿਤੋਂ ਭੀ ਨਹੀਂ ਆਈ।ਫਿਰ ਅਕਾਸ਼ਬਾਣੀ ਹੋਈ ਤੇ ਬਾਬਾ ਜੀ ਨੂੰ ਕਿਹਾ ਜੇ ਤੁਸੀ ਮੇਰੇ ਤੇ ਭਰੋਸਾ ਕੀਤਾ ਹੈ ਤਾਂ ਤੁਸੀ ਬੰਦਗੀ ਕਰੋ ਤੁਹਾਡੇ ਪ੍ਰਸ਼ਾਦੇ ਦਾ ਖਿਆਲ ਮੈ ਰੱਖਾਗਾਂ।ਸੋ ਉਸ ਦਿਨ ਤੋਂ ਬਾਬਾ ਜੀ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਨਾ ਪਲੇ ਕੋਈ ਪੈਸਾ ਰੱਖਣਾ ਹੈ ਨਾ ਕਿਤੇ ਕੱਲ੍ਹੀ ਜ਼ਨਾਨੀ ਨਾਲ ਗੱਲ ਕਰਨੀ ਹੈ, ਨਾ ਕਿਤੇ ਦਸਤ਼ਖਤ ਕਰਨੇ ਹਨ।ਬਾਬਾ ਜੀ ਨੇ 75 ਸਾਲ ਦੀ ਉਮਰ ਗੁਜਾਰੀ ਤੇ ਆਪਣੇ ਕਹੇ ਬਚਨਾਂ ਤੇ ਸਾਰੀ ਉਮਰ ਕਾਇਮ ਰਹੇ।

ਬਾਬਾ ਜੀ ਨੇ ਬੜੀ ਕਠਿਨ ਤੱਪਸਿਆ ਕੀਤੀ ਤਾ ਕਲਯੁਗ ਨੇ ਆ ਕੇ ਪੁੱਛਿਆਂ ਤੁਸੀ ਇਤਨੀ ਘਾਲਣਾ ਕਿਉਂ ਘਾਲ ਰਹੇ ਹੋ, ਇਤਨੀ ਕਠਿਨ ਤੱਪਸਿਆ ਮੇਰੇ ਰਾਜ ਵਿਚ ਕਿਸੇ ਨੇ ਨਹੀਂ ਕੀਤੀ। ਬਾਬਾ ਜੀ ਨੂੰ ਕਈ ਤਰਾਂ ਦੇ ਲਾਲਚ ਦਿੱਤੇ ਪਰ ਬਾਬਾ ਜੀ ਕਿਸੇ ਲਾਲਚ ਵਿਚ ਨਹੀਂ ਆਏ।ਬਾਬਾ ਜੀ ਸਾਰੀ ਸਾਰੀ ਰਾਤ ਕੇਸ ਬੰਨ ਕੇ ਤੱਪਸਿਆ ਕਰਦੇ ਸਨ। ਕਦੇ ਸਰਦੀਆਂ ਦੇ ਮੌਸਮ ਵਿਚ ਆਪ ਨੇ ਛੱਪੜ ਵਿਚ ਖੜੋ ਕੇ ਸਾਰੀ ਰਾਤ ਤੱਪਸਿਆ ਕੀਤੀ।ਕਈ ਸਾਲ ਘੋਰ ਤੱਪਸਿਆ ਕਰਨ ਤੋਂ ਬਾਅਦ ਬਾਬਾ ਜੀ ਨਿਰੰਕਾਰ ਦੇ ਹੁਕਮ ਅਨੁਸਾਰ ਆਪਣੇ ਪਿੰਡ ਸ਼ੇਰ ਪੁਰੇ ਪਹੁੰਚੇ।ਬਾਬਾ ਜੀ ਨੌਂ ਗਜੇ ਪੀਰ ਦੀ ਜਗ੍ਹਾ ਤੇ ਠਾਹਰ ਕੀਤੀ,ਜੋ ਕਿ ਪਿੰਡ ਦੇ ਪਾਸ ਹੀ ਸੀ।ਪਿੰਡ ਦੇ ਲੋਕ ਇਕੱਠੇ ਹੋ ਕੇ ਬਾਬਾ ਜੀ ਦੇ ਦਰਸ਼ਨ ਕਰਨ ਗਏ ਪਰ ਕਿਸੇ ਨੇ ਵੀ ਬਾਬਾ ਜੀ ਨੂੰ ਨਾ ਪਹਿਚਾਣਿਆ ਉਥੇ ਬਾਬਾ ਜੀ ਨੇ ਨੌਂ ਗਜੇ ਪੀਰ ਦਾ ਉਧਾਰ ਕੀਤਾ ਤੇ ਉਸ ਨੂੰ ਮੁਕਤ ਕੀਤਾ।ਆਪ ਜੀ ਦੀ ਸਵੇਰ ਸਾਰ ਜੈ ਜੈ ਕਾਰ ਸਾਰੇ ਪਿੰਡ ਵਿਚ ਹੋਣ ਲੱਗ ਪਈ।ਸ਼ੇਰ ਪੁਰੇ ਰਹਿੰਦੇ ਬਾਬਾ ਜੀ ਦੀ ਹਾਜ਼ਰੀ ਵਿਚ ਕਲੇਰਾਂ ਦੀ ਸੰਗਤ ਵੀ ਆਉਂਦੀ ਰਹੀ। ਇਕ ਦਿਨ ਕਲੇਰਾਂ ਦੀ ਸੰਗਤ ਨੇ ਸ: ਰਤਨ ਸਿੰਘ ਜੀ ਦੀ ਅਗਵਾਈ ਹੇਠਾਂ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਇਹ ਅਸਥਾਨ ਆਪ ਜੀ ਦੇ ਲਾਇਕ ਨਹੀਂ ਹੈ, ਨਾਲ ਸੰਗਤ ਵੀ ਡਰਦੀ ਹੈ।ਸਾਡੇ ਪਿੰਡ ਕਲੇਰਾਂ ਉੱਤੇ ਮੇਹਰ ਕਰੋ। ਬਾਬਾ ਜੀ ਨੇ ਬੇਨਤੀ ਮੰਨ ਕੇ ਤਿਆਰੀ ਕਰ ਦਿੱਤੀ।ਉਥੇ ਪੁੱਜਣ ਤੇ ਹਜ਼ੂਰ ਦੀ ਸੇਵਾ ਵਿਚ ਬੇਨਤੀ ਕੀਤੀ ਪਾਤਸ਼ਾਹ ! ਹੁਕਮ ਕਰੋ,ਕਿਹੜੀ ਜਗ੍ਹਾ ਪਸੰਦ ਹੈ। ਬਾਬਾ ਜੀ ਉਥੇ ਚਲਦੇ ਚਲਦੇ ਕਉਕਿਆਂ ਤੇ ਕਲੇਰਾਂ ਦੇ ਵਿਚਾਲੇ ਇਕ ਖੂਹੀ ਕੋਲ ਖੜ੍ਹੇ ਹੋਏ ਤੇ ਰਤਨ ਸਿੰਘ ਨੂੰ ਹੁਕਮ ਕੀਤਾ ਦੇਖੋ ਪਾਣੀ ਕੈਸਾ ਹੈ? ਰਤਨ ਸਿੰਘ ਨੇ ਖੂਹ ਦਾ ਪਾਣੀ ਚਖਿਆ ਤੇ ਬੇਨਤੀ ਕੀਤੀ ਹਜ਼ੂਰ ਕੌੜਾ ਹੈ।

ਬਾਬਾ ਜੀ ਨੇ ਫੁਰਮਾਇਆ, ਲਿਆੳ ਸਾਨੂੰ ਦਿਖਾਉ। ਹਜ਼ੂਰ ਦੇ ਪਵਿੱਤਰ ਹੱਥਾਂ ਤੇ ਜਲ ਪਾਇਆ। ਬਾਬਾ ਜੀ ਨੇ ਚੱਖ ਕੇ ਫੁਰਮਾਇਆ ਇਹ ਤਾਂ ਸੁਆਦ ਹੈ।ਬਾਬਾ ਜੀ ਨੇ ਫੁਰਮਾਇਆ, ਜਦੋਂ ਛੇਵੇਂ ਪਾਤਸ਼ਾਹ ਗੁਰੂ ਸਰ ਠਹਿਰੇ ਸਨ ਤਾਂ ਇਸ ਜੰਗਲ ਵਿਚ ਸ਼ਿਕਾਰ ਖੇਡਦੇ ਸਨ ਅਤੇ ਇਸੀ ਖੂਹੀ ਦਾ ਜਲ ਵਰਤਦੇ ਸਨ, ਇਸ ਲਈ ਰਹਿਣ ਵਾਸਤੇ ਇਹ ਜਗ੍ਹਾ ਠੀਕ ਹੈ। ਰਤਨ ਸਿੰਘ ਨੇ ਸਤਿ ਬਚਨ ਤਾਂ ਕਹਿ ਦਿੱਤਾ ਪਰ ਮਨ ਵਿਚ ਸੋਚਿਆ ਕਿ ਨੋਂ ਗਜੇ ਦੀ ਭਿਆਨਕ ਜਗ੍ਹਾ ਤਾਂ ਛੱਡੀ ਪਰ ਇਹ ਕਿਹੜੀ ਘਟ ਭਿਆਨਕ ਹੈ। ਪਰ ਬਾਬਾ ਜੀ ਨੂੰ ਕੌਣ ਆਖੇ ਕਿ ਇਹ ਜਗ੍ਹਾ ਠੀਕ ਨਹੀਂ। ਬਾਬਾ ਜੀ ਨੇ ਕਿਹਾ, ਇਥੇ ਛੋਟਾ ਜਿਹਾ ਭੋਰਾ ਬਣਾਉ।

ਸਾਰੀ ਸੰਗਤ ਨੇ ਮਿਲਕੇ ਬਾਬਾ ਜੀ ਲਈ ਭੋਰਾ ਤਿਆਰ ਕਰ ਦਿੱਤਾ।ਬਾਬਾ ਜੀ ਨੇ ਇਥੇ ਰਹਿ ਕੇ ਕਈ ਤਰਾਂ ਦੇ ਕੌਤਕ ਕੀਤੇ।ਬਾਬਾ ਜੀ ਨੇ ਕਈ ਅਵਗਤ ਰੂਹਾਂ ਨੂੰ ਮੁਕਤੀ ਦਿੱਤੀ ਤੇ ਕਈਆਂ ਨੂੰ ਪਹਿਰਾ ਦੇਣ ਤੇ ਰੱਖ ਦਿੱਤਾ।ਫਿਰ ਨਿਰੰਕਾਰ ਦੇ ਹੁਕਮ ਅਨੁਸਾਰ ਬਾਬਾ ਜੀ ਨੇ ਨਿਤਨੇਮ ਅਤੇ ਕਥਾ ਕੀਰਤਨ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਸੇਵਾ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।ਫਿਰ ਬਾਬਾ ਜੀ ਨੇ ਨਾਨਕਸਰ ਠਾਠ ਦਾ ਨਕਸ਼ਾ ਤਿਆਰ ਕੀਤਾ ਅਤੇ ਹੁਕਮ ਕੀਤਾ ਕਿ ਇਕ ਐਸਾ ਸੇਵਾਦਾਰ ਪੈਦਾ ਕਰਾਂਗੇ ਜੋ ਗੁਰੂ ਨਾਨਕ ਦੇ ਬਹੁਤ ਸੋਹਣੇ ਠਾਠ ਬਣਾਏਗਾ।

ਬਾਬਾ ਜੀ ਨਾਨਕਸਰ ਬਿਰਾਜਮਾਨ ਹਨ। ਸੰਗਤਾਂ ਦੂਰੋਂ ਨੇੜਿਉ ਆ ਕੇ ਮਨ ਬਾਂਛਤ ਫਲ ਪ੍ਰਾਪਤ ਕਰਦੀਆਂ ਹਨ। ਅੱਜ ਪੁੰਨਿਆ ਤੋਂ ਇਕ ਦਿਨ ਪਹਿਲਾਂ ਸਵੇਰੇ ਦਸ ਵਜੇ ਦਾ ਟਾਈਮ ਹੈ। ਬੱਦਲ ਛਾਏ ਹੋਏ ਹਨ। ਥੋੜ੍ਹੀ ਥੋੜ੍ਹੀ ਠੰਡੀ ਹਵਾ ਚਲ ਰਹੀ ਹੈ। ਚੇਤਰ ਦਾ ਮਹੀਨਾ ਹੈ। ਬਾਬਾ ਜੀ ਬਾਹਰ ਬਉਲੀ ਸਾਹਿਬ ਵਲ ਜਾ ਰਹੇ ਹਨ। ਰਸਤੇ ਵਿਚ ਤਿੰਨ ਦੇਵਤੇ ਉਤਰੇ ਅਤੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਬਾਬਾ ਜੀ ਨੂੰ ਨਿਰੰਕਾਰ ਦਾ ਸੁਨੇਹਾ ਦਿੱਤਾ। ਬਾਬਾ ਜੀ ਨੇ ਚਿੱਠੀ ਖੋਲ੍ਹੀ ਅਤੇ ਪੜ੍ਹੀ ਉਤੇ ਲਿਖਿਆ ਸੀ ‘ਹੇ ਮਹਾਂਪੁਰਖੋ! ਅੱਗੇ ਰੋਜ਼ ਸਾਨੂੰ ਤੁਸੀਂ ਆਪਣੇ ਕੋਲ ਬੁਲਾਉਂਦੇ ਹੋ, ਅੱਜ ਮੇਰਾ ਭੀ ਜੀਅ ਕਰਦਾ ਹੈ ਕਿ ਤੁਹਾਨੂੰ ਆਪਣੇ ਕੋਲ ਸੱਦ ਲਵਾ।’ ਇਹ ਪੜ੍ਹ ਕੇ ਬਾਬਾ ਜੀ ਨੇ ਉਤਰ ਦਿੱਤਾ ਕਿ ਕੱਲ ਪੂਰਨਮਾਸ਼ੀ ਹੈ ਪੂਰਨਮਾਸ਼ੀ ਕਰ ਕੇ ਪਰਸੋਂ ਚੱਲਾਂਗੇ। ਸਤਿ ਬਚਨ ਕਹਿ ਕੇ ਦੇਵਤੇ ਚਲੇ ਗਏ।

ਦੂਸਰੇ ਦਿਨ ਬਾਬਾ ਜੀ ਨੇ ਕੁਝ ਸਿੰਘਾਂ ਨੂੰ ਕੋਲ ਬੁਲਾ ਕੇ ਕਿਹਾ ਕਿ ਸਾਨੂੰ ਨਿਰੰਕਾਰ ਦਾ ਸੱਦਾ ਆ ਗਿਆ ਹੈ ਤੇ ਅਸੀਂ ਜਾਣ ਦੇ ਲਈ ਤਿਆਰ ਹਾਂ। ਸਾਰੇ ਜਾਣੇ ਇਹ ਸੁਣਕੇ ਰੋਣ ਲੱਗ ਪਏ। ਜਦੋਂ ਕਿਹ ਖਬਰ ਸੰਗਤ ਨੇ ਸੁਣੀ ਤਾਂ ਸਭ ਪਾਸੇ ਸਂਨ੍ਹਾਟਾ ਛਾ ਗਿਆ। ਕੀਰਤਨ ਹੋਣਾ ਬੰਦ ਹੋ ਗਿਆ। ਫਿਰ ਕਿਸੇ ਨੇ ਇਕਵਿੰਜਾ ਪਾਠ ਕਰਣ ਦਾ ਕਿਹਾ, ਕਿਸੇ ਨੇ ਕੁਝ ਕਿਸੇ ਨੇ ਕੁਝ ਪਾਠ ਕਰਨ ਦਾ ਆਖਿਆ ਅਤੇ ਕਿਹਾ ਕਿ ਬਾਬਾ ਜੀ ਤੁਸੀਂ ਅਜੇ ਨਾ ਜਾਉ ਤਾਂ ਬਾਬਾ ਜੀ ਨੇ ਕਿਹਾ ਕਿ ਅਸੀਂ ਤਾਂ ਤਿਆਰ ਬੈਠੇ ਹਾਂ ਤੁਸੀ ਜੇ ਅਰਦਾਸ ਕਰਨੀ ਹੈ ਤਾਂ ਨਿੰਰਕਾਰ ਨੂੰ ਆਪ ਸੰਗਤ ਕਰ ਸਕਦੀ ਹੈ।ਫਿਰ ਸੰਗਤ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ।

ਬਿਲਾਵਲੁ ਮਹਲਾ 5 ॥

ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥

ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥1॥

ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥

ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥1॥ ਰਹਾਉ ॥

ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥

ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥2॥

ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥

ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥3॥

ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥

ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥4॥7॥37॥

ਇਹ ਹੁਕਮਨਾਮਾ ਬਾਬਾ ਜੀ ਨੂੰ ਦੱਸਿਆ ਗਿਆ। ਬਾਬਾ ਜੀ ਹੁਕਮਨਾਮਾ ਸੁਣ ਕੇ ਮੁਸਕਰਾ ਪਏ ਤੇ ਕਹਿਣ ਲੱਗੇ, ਨਿਰੰਕਾਰ ਵੱਲੋਂ ਸਮਾਂ ਹੋਰ ਮਿਲ ਗਿਆ ਹੈ ਪਰ ਇਹ ਨਹੀਂ ਦੱਸਣਾ ਕਿ ਕਿਤਨਾ ਸਮਾਂ ਮਿਲਿਆ ਹੈ। ਫਿਰ ਬਾਬਾ ਜੀ ਕੁਝ ਸਮਾਂ ਹੋਰ ਠਹਿਰੇ ਕਈ ਕੌਤਕ ਵਰਤਾਏ। ਫਿਰ ਬਾਬਾ ਜੀ ਨੇ ਦੇਹਰਾਦੂਨ ਜਾਣ ਦੀ ਤਿਆਰੀ ਕੀਤੀ ਅਤੇ ਬਾਬਾ ਜੀ ਨੇ ਉਥੇ ਸਿੰਘਾਂ ਦੀ ਪਰਖ ਕੀਤੀ। ਜਿਸ ਦੇ ਵਿਚ ਬਾਬਾ ਈਸ਼ਰ ਸਿੰਘ ਜੀ ਪਾਸ ਹੋਏ ਅਤੇ ਬਾਬਾ ਜੀ ਨੇ ਕਿਹਾ ਕਿ ਇਹ ਮੁੰਡਾ ਸਾਰੀ ਸੇਵਾ ਸੰਭਾਲੇਗਾ ਪਰ ਕਿਸੇ ਨੂੰ ਸਮਝ ਆਈ ਤੇ ਕਿਸੇ ਨੇ ਸੁਣੀ ਅਣਸੁਣੀ ਕਰ ਦਿੱਤੀ।

ਹੁਣ ਬਾਬਾ ਜੀ ਨੇ ਨਾਨਕਸਰ ਵਾਪਿਸ ਆਉਣ ਦੀ ਤਿਆਰੀ ਕੀਤੀ ਰਸਤੇ ਵਿਚ ਬਾਬਾ ਜੀ ਦੀ ਸਿਹਤ ਢਿੱਲੀ ਹੋ ਗਈ। ਭਾਦਰੋਂ ਦੇ ਦਿਨ ਸਨ ਵਟ ਬਹੁਤ ਸੀ। ਨਾਨਕਸਰ ਪਹੁੰਚੇ। ਸ਼ੀਸ਼ ਮਹਿਲ ਵਿਚ ਆਸਣ ਸੀ। ਡਾਕਟਰ ਬੁਲਾਇਆ। ਉਸ ਦੀ ਕੁਝ ਸਮਝ ਵਿਚ ਨਾ ਆਵੇ ਕਿ ਕੀ ਬਿਮਾਰੀ ਹੈ। 13 ਭਾਦਰੋਂ ਦੋ ਹਜ਼ਾਰ ਪੂਰੇ ਵਿਚ ਬਾਬਾ ਜੀ ਨੇ ਸਵੇਰੇ ਤਿੰਨ ਵਜੇ ਸਰੀਰ ਛੱਡ ਦਿੱਤਾ ਅਤੇ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ। ਚੇਤਰ ਤੋਂ ਭਾਦਰੋਂ ਤੱਕ ਬਾਬਾ ਜੀ ਨੇ ਸੰਗਤ ਨੂੰ ਸਮਾਂ ਦਿੱਤਾ ਅਤੇ 13 ਭਾਦਰੋਂ ਨੂੰ ਨਿਰੰਕਾਰ ਦੇ ਹੁਕਮ ਅਨੁਸਾਰ ਨਿਰੰਕਾਰ ਦੀ ਗੋਦ ਵਿਚ ਜਾ ਬਿਰਾਜੇ॥